Punjabi


ਬਿਆਨ ਕਿਵੇਂ ਕਰਾਂ ਆਲਮ ਦਿਲ ਦੀ ਬੇਵੱਸੀ ਦਾ ਉਹ ਕੀ ਸਮਝੇ ਦਰਦ ਅੱਖਾਂ ਦੀ ਨਮੀ ਦਾ,ਉਹਨੂੰ ਚਾਹੁਣ ਵਾਲੇ ਇੰਨੇ ਹੋ ਗਏ ਕਿ ਉਹਨੂੰ ਅਹਿਸਾਸ ਹੀ ਨਹੀਂ ਮੇਰੀ ਕਮੀ ਦਾ..

                                                                                                  SP $ingh///

ਸ਼ੋਖ਼ ਅਦਾਵਾਂ ਲੈ ਕੇ ਏਥੋਂ ਤੁਰ ਜਾਵੋ,
ਦਿਲ ਨੂੰ ਘਿਣ ਆਉਂਦੀ ਹੈ ਹਾਸੇ ਜਾਅਲੀ ਤੋਂ।

ਕਿਉਂ ਦੱਸਦੇ ਹੋ ਮੈਨੂੰ ਰਸਤਾ ਖ਼ੁਆਰੀ ਦਾ,
ਬਚਣਾ ਚਾਹੁੰਦਾ ਹਾਂ ਮੈਂ ਇਸ਼ਕ-ਪਿਆਲੀ ਤੋਂ।
                                                                   Noor Muhammad Noor

ਕਦ ਤੱਕ ਹੋਰ ਚੁਗੋਗੇ ਮੋਤੀ, ਹੰਝੂਆਂ ਦੀਆਂ ਕਤਾਰਾਂ ਦੇ।
ਮਾਨਸਰੋਵਰ ਵਰਗੇ ਦੀਦੇ, ਪੁੱਛਣ ਮੇਰੇ ਯਾਰਾਂ ਦੇ।

ਕਦ ਤੱਕ ਰਸਤਾ ਰੋਕ ਸਕੇਗੀ, ਕੰਧ ਬਣਾਈ ਲੋਕਾਂ ਦੀ,
'ਬਰਲਨ' ਵਾਂਗੂੰ ਖਿੰਡ ਜਾਣੇ ਨੇ, ਪੱਥਰ ਸਭ ਦੀਵਾਰਾਂ ਦੇ।

ਭਾਵੇਂ ਰਾਜ ਨਹੀਂ ਧਰਤੀ 'ਤੇ, ਕਿਧਰੇ ਅੱਜ ਯਜ਼ੀਦਾਂ ਦਾ,
ਜਿਉਂਦੇ ਨੇ ਦਿਲ ਵਾਲੇ ਫਿਰ ਵੀ, ਸਾਏ ਵਿਚ ਤਲਵਾਰਾਂ ਦੇ।

ਲਾ ਜਾਂਦੇ ਨੇ 'ਬੱਦਲ' ਵਾਂਗੂੰ, ਲਾਰਾ ਅੱਜ ਦੇ ਬੱਦਲ ਵੀ,
ਸੁੱਕ ਜਾਂਦੇ ਨੇ ਔੜਾਂ ਦੇ ਵਿਚ, ਬੂਟੇ ਸੁਰਖ਼-ਚਨਾਰਾਂ ਦੇ।

ਕਿਸ ਦੇ ਕੋਲ ਸਮਾਂ ਹੈ ਯਾਰਾ, ਤੇਰੇ ਦੁੱਖ ਵੰਡਾਵਣ ਦਾ,
ਐਵੇਂ ਕਾਹਨੂੰ ਦੇਖ ਰਿਹਾ ਏਂ, ਸੁਫ਼ਨੇ ਜਾਨ-ਨਿਸਾਰਾਂ ਦੇ।

ਚਾਨਣੀਆਂ ਰਾਤਾਂ ਦੇ ਸਾਰੇ, ਹੱਦਾਂ-ਬੰਨੇ ਲੰਘ ਗਏ,
ਲੱਸ-ਲੱਸ ਕਰਦੇ ਨੈਂਣ-ਪਟੋਲੇ, ਵਰਗੇ ਮੇਰੇ ਯਾਰਾਂ ਦੇ।

ਦਿਲ ਵਿਚ ਲੈ ਕੇ ਮਿੱਠੀਆਂ ਯਾਦਾਂ, ਤੋਰ ਲਵੋ ਰਥ ਆਸਾਂ ਦੀ,
ਲੋਕ ਬਣਾ ਲੈਂਦੇ ਨੇ ਕੋਠੇ, ਕੰਧਾਂ ਦੀਆਂ ਉਡਾਰਾਂ ਦੇ।

ਯੋਰਪ ਤੱਕ ਗੱਡੇ ਨੇ ਝੰਡੇ, ਮਿੱਲਤ ਦਿਆਂ ਜਵਾਨਾਂ ਨੇ,
ਸੌ ਵਾਰੀ ਆਏ ਨੇ ਵੇਲੇ, ਚੜ੍ਹਤਾਂ ਅਤੇ ਉਤਾਰਾਂ ਦੇ।

ਲੋੜ ਕਦੇ ਨਾ ਪੈਂਦੀ ਜੱਗ 'ਤੇ ਇਤਰ-ਫੁਲੇਲ, ਗੁਲਾਬਾਂ ਦੀ,
ਸਾਂਭ-ਸਜਾ ਕੇ ਰੱਖੇ ਹੁੰਦੇ, ਦੇਸੀ ਮੁਖੜੇ ਨਾਰਾਂ ਦੇ।

ਸੌ-ਸੌ ਪੱਜ ਬਣਾਉਂਦੇ ਢੋਂਗੀ, ਚੱਜ ਛੁਪਾ ਕੇ ਰੱਖਣ ਨੂੰ,
ਕਰ ਦਿੰਦੇ ਪਰ ਜੱਗ 'ਤੇ ਜ਼ਾਹਰ, ਵਰਕੇ ਕੁੱਝ ਅਖ਼ਬਾਰਾਂ ਦੇ।

ਕਾਹਨੂੰ ਵਿੰਗ-ਵਲੇਵੇਂ ਖਾ ਕੇ, ਤੁਰਦੀ ਤੋਰ ਜ਼ਮਾਨੇ ਦੀ,
ਜੇ ਕਾਰੇ ਵੀ ਸੁੰਦਰ ਹੁੰਦੇ, ਸੁੰਦਰ ਨਕਸ਼-ਨਿਗਾਰਾਂ ਦੇ।

ਦੱਬ ਦਵੇਂ ਕਬਰਾਂ ਵਿਚ ਜਾ ਕੇ, ਆਦਤ ਸੁਫ਼ਨੇ ਦੇਖਣ ਦੀ,
ਜਾਣ ਲਵੇਂ ਅੰਦਰ ਦੇ ਕਾਰੇ, ਜੇ ਤੂੰ ਸੁੰਦਰ ਕਾਰਾਂ ਦੇ।

ਬੱਚੇ ਵੇਚਣ ਤੀਕ ਪੁਚਾ ਦਿੱਤਾ ਭੁੱਖਾਂ ਨੇ ਮਾਵਾਂ ਨੂੰ,
ਹਾਲੇ ਤੂੰ ਤੱਕਣੇ ਨੇ ਵੇਲੇ, ਚੀਕਾਂ ਅਤੇ ਪੁਕਾਰਾਂ ਦੇ।

ਇੱਜ਼ਤ 'ਤੇ ਜ਼ਿੱਲਤ ਦਾ ਮਿਲਣਾ ਹੱਥ ਖ਼ੁਦਾ ਦੇ ਹੁੰਦੈ 'ਨੂਰ',
ਭਟਕ ਲਵੋ ਜਿੰਨਾਂ ਦਿਲ ਚਾਹਵੇ, ਬੂਹੇ-ਬੂਹੇ ਯਾਰਾਂ ਦੇ।///
                                                                  Noor Muhammad Noor



ਤੇਰੇ ਨੈਣਾਂ ਵਿੱਚ ਅਦਾਵਾਂ ਹੋਣਗੀਆਂ।
ਮੇਰੇ ਖ਼ਾਬਾਂ ਵਿੱਚ ਇਛਾਵਾਂ ਹੋਣਗੀਆਂ।

ਨਾ ਤੂੰ, ਨਾ ਮੈਂ, ਹੋਵਾਂਗੇ ਧਰਤੀ ਉੱਤੇ,
ਸਾਡੇ ਸਾਹਾਂ ਦੀਆਂ ਹਵਾਵਾਂ ਹੋਣਗੀਆਂ।

ਗੇੜੇਂਗਾ ਤੂੰ ਜਦ ਵੀ ਹਲਟ ਸਰਾਪਾਂ ਦਾ,
ਭਰੀਆਂ ਟਿੰਡਾਂ ਵਿੱਚ ਦੁਆਵਾਂ ਹੋਣਗੀਆਂ।

ਜਦ ਉਹ ਮਰੀਆਂ, ਵੈਣ ਗੁਆਂਢਾਂ ਤੱਕ ਪਹੁੰਚੇ,
'ਰੀਝਾਂ' ਦੇ ਘਰ ਰੋਈਆਂ ਮਾਵਾਂ ਹੋਣਗੀਆਂ।

ਨਾਲ ਮਿਰੇ ਤੁਰ, ਦੇਖੀਂ ਲੋਕ-ਨਿਗਾਹਾਂ ਵੱਲ,
ਘੂਰਦੀਆਂ ਸਭ ਚਾਰ-ਦਿਸ਼ਾਵਾਂ ਹੋਣਗੀਆਂ।

ਟੁੱਟੇਂਗਾ, ਸੁੱਕ ਜਾਵੇਂਗਾ ਪੱਤਿਆਂ ਵਾਂਗੂੰ,
ਨਾਲ ਰਹੇਂਗਾ, ਛੱਤਰੀਂ ਛਾਵਾਂ ਹੋਣਗੀਆਂ।

ਸਮਝ ਲਿਆ ਤੂੰ ਜਿਸ ਨੂੰ ਝੱਖੜ ਰੋਹੀਆਂ ਦਾ,
ਬਿਰਹਾ ਮਾਰੇ ਦਿਲ ਦੀਆਂ ਆਹਾਂ ਹੋਣਗੀਆਂ।

'ਯਾਦਾਂ ਦੇ ਅੱਖਰ' ਦਿਲ ਉੱਤੇ ਲਿਖ ਕੇ ਦੇਖ,
ਪੰਗਤੀਆਂ ਮੇਰਾ ਸਿਰਨਾਵਾਂ ਹੋਣਗੀਆਂ।

ਦਿਲ ਵਿਚ 'ਆਸ' ਦਾ ਬੂਟਾ ਲਾ ਕੇ ਬਹਿਜਾ 'ਨੂਰ'
ਆਪੇ ਸਿਰ ਤੋਂ ਦੂਰ ਖ਼ਿਜ਼ਾਵਾਂ ਹੋਣਗੀਆਂ।
                                                                      Noor Muhammad Noor

No comments:

Post a Comment